Friday, April 29, 2011

ਭਾਈ-ਭਤੀਜਾਵਾਦ

ਭਾਈ-ਭਤੀਜਾਵਾਦ
(ਗੁਰਦੀਪ ਸਿੰਘ ਅਟਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮੋਬਾਈਲ  ੯੮੫੫੫੮੪੬੭੨ )

'ਵਾਦ' ਸ਼ਬਦ ਜਿਹੜੇ ਅੱਖਰ ਦੇ ਪਿੱਛੇ ਲਗਦਾ ਹੈ,ਉਸੇ ਵਿਸ਼ੇ ਤੇ ਵਿਚਾਰ ਚਰਚਾ ਸ਼ੁਰੂ ਹੋ ਜਾਂਦੀ ਹੈ।ਬਹੁਤ ਸਾਰੇ ਵਾਦਾਂ ਦਾ ਵਾਦ-ਵਿਵਾਦ ਆਪ ਜੀ ਨੇ ਪੜਿਆ-ਸੁਣਿਆ ਹੋਵੇਗਾ ਜਿਵੇਂ ਆਦਰਸ਼ਵਾਦ,ਯਥਾਰਥਵਾਦ, ਰੁਮਾਂਸਵਾਦ, ਪ੍ਰਗਤੀਵਾਦ, ਕਲਪਨਾਵਾਦ ਆਦਿ।ਇਸੇ ਤਰਾਂ ਕਈ ਮਹਾਨ ਸ਼ਖਸ਼ੀਅਤਾਂ ਦੇ ਨਾਂ ਨਾਲ ਵੀ 'ਵਾਦ' ਸ਼ਬਦ ਲੱਗਾ ਹੈ ਜਿਵੇਂ ਗੁਰੂ ਨਾਨਕਵਾਦ,ਗਾਂਧੀਵਾਦ, ਮਾਰਕਸਵਾਦ,ਵਗੈਰਾ-ਵਗੈਰਾ।ਜਿੰਨੇ ਵੀ ਵਾਦ ਨੇ ਸਾਰੇ ਆਪਣੇ ਆਪ ਵਿੱਚ ਇਕ ਫਲਸਫਾ ਸਮੋਈ ਬੈਠੇ ਹਨ ਪਰ ਜਿਹੜੇ ਵਾਦ ਬਾਰੇ ਆਪਾਂ ਗੱਲ ਕਰਨ ਲੱਗੇ ਹਾਂ,ਇਹ ਕੋਈ ਫਲਸਫਾ ਨਹੀਂ,ਸਗੋਂ ਕੁੱਝ ਹੋਰ ਹੀ ਹੈ।ਮੈਂ ਕੀ ਦੱਸਣੈ,ਤੁਸੀਂਂ ਸਮਝਦੇ ਹੀ ਹੋ।ਭਾਈ ਭਤੀਜਾਵਾਦ ਦੀ ਸੋਚ ਲੋਕਤੰਤਰੀ ਸਮਾਜ ਅੰਦਰ ਪ੍ਰਚੱਲਤ ਹੁੰਦੀ ਹੋਈ ਲੋਕ ਮਨਾਂ ਅੰਦਰ ਮਾਨਤਾ ਪ੍ਰਾਪਤ ਕਰ ਚੁੱਕੀ ਹੈ। ਜ਼ਿਆਦਾ ਉੱਚ ਅਹੁਦਿਆਂ ਤੇ ਬੈਠੇ ਅਫਸਰਾਂ ਜਾਂ ਸੱਤਾਧਾਰੀ ਪਾਰਟੀ ਦੇ ਲੀਡਰਾਂ ਵਲੋਂ ਭਾਈ-ਭਤੀਜਾਵਾਦ ਨੂੰ ਅਮਲੀ ਰੂਪ ਦੇਣ ਵਿੱਚ ਬਹੁਤ ਸਹਿਯੋਗ ਮਿਲਦਾ ਹੈ।ਕਿਸੇ ਦਾ ਕੋਈ ਦਫਤਰੀ ਕੰਮ ਹੋਵੇ ਜਾਂ ਨੌਕਰੀ ਲੈਣੀ ਹੋਵੇ, ਚੋਣਾਂ ਸਮੇਂ ਉਮੀਦਵਾਰ ਦੀ ਟਿਕਟ ਲੈਣੀ ਹੋਵੇ ਜਾਂ ਕਿਸੇ ਨੂੰ ਦਿਵਾਉਣੀ ਹੋਵੇ,ਕੋਈ ਹੋਰ ਸਿਰਦਰਦੀ ਭਰਿਆਂ ਕੰਮ ਕਰਾਉਣਾ ਹੋਵੇ, ਉਸ ਵੇਲੇ ਭਾਈ ਭਤੀਜਾਵਾਦ ਦੇ ਸਿਧਾਂਤਾਂ ਮੁਤਾਬਕ ਹੀ ਕੰਮ ਕੀਤੇ ਅਤੇ ਕਰਵਾਏ ਜਾਂਦੇ ਹਨ।ਜਦੋਂ ਕੱਦੇ ਬੱਚਾ ਮੈਟ੍ਰਿਕ ਦੇ ਪੇਪਰਾਂ ਤੋਂ ਕੁਝ ਦਿਨ ਪਹਿਲਾਂ ਆਪਣਾ ਰੋਲ ਨੰਬਰ ਪ੍ਰਾਪਤ ਕਰਦਾ ਹੈ ਤਾਂ ਉਹ ਰੋਲ  ਨੰਬਰ ਆਪ ਯਾਦ ਕਰਨ  ਦੀ ਥਾਂ ਇਮਤਿਹਾਨਾਂ ਤੋਂ ਪਹਿਲਾਂ ਆਪਣੇ ਜਾਣ ਪਛਾਣ ਦੇ ਪੁਲਿਸ ਅਫਸਰਾਂ, ਸੁਪ੍ਰਿੰਟੈਂਡੈਂਟਾਂ ਸਰਕਾਰੀ ਅਮਲੇ ਦੇ ਤਮਾਮ ਕਰਮਚਾਰੀਆਂ ਨੂੰ ਯਾਦ ਕਰਾਉਂਦਾ ਹੈ।ਤੁਸੀਂ ਇਹ ਨਾਂ ਪੁੱਛਿਓ ਕਿ ਉਹ ਕਿਉਂ? ਤੁਸੀਂ ਸਭ ਜਾਣਦੇ ਓ।ਇਸ ਦਾ ਕਾਰਨ ਵੀ ਭਾਈ ਭਤੀਜਾਵਾਦ ਹੈ।
ਇੰਜੀਨੀਅਰਿੰਗ ਦੇ ਸਰਕਾਰੀ ਕਾਲਜ 'ਚ ਦਾਖਲਾ ਲੈਣ ਲਈ ਪਹਿਲਾ ਮਾਸੜ ਜੀ ਨੂੰ ਫੋਨ,ਫਿਰ ਉਨ੍ਹਾਂ ਤੋਂ ਨੰਬਰ ਲੈ ਕੇ ਮਾਸੜ ਦੇ ਮਾਮੇ ਦੇ ਮੁੰਡੇ ਨੂੰ ਫੋਨ,ਉਥੋਂ ਅਗਾਂਹ ਨੰਬਰ ਲੈ ਕੇ ਪ੍ਰਿੰਸੀਪਲ ਨੂੰ ਫੋਨ... ਬੱਸ ਹੋ ਜਾਏਗਾ ਦਾਖਲਾ।ਨਹੀਂ, ਅਜੇ ਚੇਅਰਮੈਨ ਨੂੰ ਅਖਵਾਉਣਾ ਏ।ਰਿਸਤੇਦਾਰੀ ਲੱਭੋ।ਨਹੀਂ ਲੱਭਦੀ? ਚੱਲੋ ਫਿਰ ਆਢੀਆਂ- ਗੁਆਢੀਆਂ ਨੂੰ ਪੁੱਛੋ।ਪਤਾ ਲੱਗਾ ਕਿ ਗੁਆਂਢਣ ਦੇ ਚਾਚੇ ਦੀ ਮਾਸੀ ਦਾ ਭਰਾ ਲੱਗਦਾ ਏ ਚੇਅਰਮੈਨ।ਚੱਲੋ ਬਈ ਆਂਟੀ ਜੀ ਕਰੋ ਫੋਨ।ਕਰਦਿਆ ਕਰਦਿਆਂ ਪਹੁੰਚ ਗਿਆ ਫੋਨ ਚੇਅਰਮੈਨ ਨੂੰ।"ਹਾਂਜੀ ਸਰ ਮੈਂ ਹਰਨੇਕ ਸਿੰਘ ਹੋਰਾਂ ਦਾ ਭਤੀਜਾ ਲੱਗਦਾ ਹਾਂ।ਸਰ ਦਾਖਲੇ ਵੱਲੋਂ ਖਿਆਲ ਰੱਖਿਓ ਜੀ।"
ਭਾਈ-ਭਤੀਜਾਵਾਦ ਉਤੇ ਅਮਲ ਕਰਦਿਆਂ ਉਹ ਸਾਰੇ ਰਿਸ਼ਤੇਦਾਰ ਦੁਬਾਰਾ ਯਾਦ ਆ ਜਾਂਦੇ ਹਨ,ਜਿਨ੍ਹਾਂ ਨੂੰ ਅਸੀਂ ਪਿਛਲੀਆਂ ਤਿੰਨ-ਚਾਰ ਪੀੜੀਆਂ ਤੋਂ ਭੁੱਲ ਚੁੱਕੇ ਹੁੰਦੇ ਹਾਂ।ਮੈਂ ਵੈਸੇ ਭਾਈ ਭਤੀਜਾਵਾਦ (ਵਰਗੀ ਸੋਚ) ਦਾ ਰਿਣੀ ਹੈ,ਜੋ ਕਈ ਜਨਮਾਂ ਦੇ ਵਿਛੜਿਆਂ ਨੂੰ ਦੁਬਾਰਾ ਮੇਲ ਦਿੰਦਾ ਹੈ।
ਹੋਰ ਤਾਂ ਹੋਰ ਬੈਂਕ ਵਿੱਚ ਲੱਗੀ ਲਾਈਨ ਤੋਂ ਮੁਕਤੀ ਦਿਵਾaੁਂਦਾ ਹੈ ਭਾਈ -ਭਤੀਜਾਵਾਦ।ਬਿਜਲੀ ਬਿੱਲ ਦਾ ਭੁਗਤਾਨ ਕਰਨਾ ਹੋਵੇ ਚਾਹੇ ਲ਼.ਫ.ਘ ਸਿਲੰਡਰ ਬਲੈਕ ਵਿੱਚ ਲੈਣਾ ਹੋਵੇ।ਟਰੈਫਿਕ ਪੁਲਿਸ ਦੇ ਚਲਾਨ ਤੋਂ ਬਚਣਾ ਹੋਵੇ ਭਾਵੇਂ ਰੇਲਗੱਡੀ ਵਿੱਚ ਰਿਜ਼ਰਵੇਸ਼ਨ ਕਰਾਉਣੀ ਹੋਵੇ, ਇਹ ਸਾਰੇ  ਕੰਮ,ਸਾਡੇ ਦੇਸ਼ ਵਿੱਚ ਹਨ ਤਾਂ ਬਹੁਤ ਮੁਸ਼ਕਿਲ, ਪਰ ਭਾਈ ਭਤੀਜਾਵਾਦ ਦੇ ਸਿਧਾਤਾਂ ਤੇ ਅਮਲ ਕਰਨ ਵਾਲੇ ਵਿਅਕਤੀ ਲਈ ਇਹ ਬਹੁਤ ਸੌਖੇ ਹੋ ਜਾਂਦੇ ਹਨ,ਸੌ ਦੁੱਖਾਂ ਦਾ ਇੱਕ ਦਾਰੂ ਹੈ ਭਾਈ ਭਤੀਜਾਵਾਦ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਇਮਤਿਹਾਨ ਹੋ ਰਹੇ ਹਨ ਅਤੇ ਵਗਾਰ ਝੱਲਦਾ ਮੈਂ ਵੀ ਪਹੁੰਚ ਗਿਆ ਪੇਪਰ ਕਰਾਉਣ।ਦੂਰ ਦੀ ਰਿਸ਼ਤੇਦਾਰੀ ਵਿਚੋਂ ਸੁਪ੍ਰਵਾਈਜ਼ਰ ਨਾਲ ਫੋਨ ਤੇ ਗੱਲ ਹੋਈ ਪਈ ਸੀ।ਉਸ ਦਿਨ ਪਤਾ ਨਹੀਂ ਕੀ ਹੋਇਆ ਮੋਬਾਇਲ ਦੇ ਨੈਟਵਰਕ ਨੂੰ। ਗੱਲ ਹੀ ਨਾ ਹੋਈ ਸੁਪਰਵਾਈਜ਼ਰ ਨਾਲ।ਅਸੀਂ ਘਬਰਾ ਗਏ ਕਿ ਮੈਥੇਮੈਟਿਕਸ ਦੇ ਪੇਪਰ ਚੋਂ ਬੱਚਾ ਫੇਲ ਨਾ ਹੋ ਜਾਏ।ਫਿਰ ਅਸੀਂ ਭਾਈ-ਭਤੀਜਾਵਾਦ ਤੇ ਅਮਲ ਕੀਤਾ।ਡਿਊਟੀ ਦੇ ਹਾਜ਼ਰ ਪੁਲਿਸ ਮੁਲਾਜ਼ਮ ਨਾਲ ਰਿਸ਼ਤੇਦਾਰੀ ਬਣਾਈ।ਬਣਾਈ ਕਾਹਨੂੰ, ਖਰੀਦੀ,ਸਿਰਫ ੨੦੦ ਰੂਪੈ ਵਿੱਚ।ਇਹ ਕੀ ਲਗਦਾ ਤੁਹਾਡਾ ਅਸੀਂ ਆਖੀਏ ਸਾਡੇ ਮਾਮੇ ਦਾ ਸਾਲਾ ਐ।ਅਸੀ ਐਸ.ਐਸ.ਪੀ ਸਾਹਿਬ ਨੂੰ ਕਹਿ ਕੇ ਡਿਊਟੀ ਲਵਾਈ ਐ,ਪੇਪਰਾਂ 'ਚ। ਜੇ ਕੋਈ ਪੁਛਦਾ ਕਿ ਐਸ.ਐਸ.ਪੀ ਤੁਹਾਡਾ ਕੀ ਲਗਦੈ। ਅਸੀਂ ਆਖਿਆ "ਸਾਡੀ ਭੂਆ ਦਾ ਦਿਓਰ ਐ।ਕਹਿੰਦਾ ਸੀ, ਤੁਹਾਡੇ ਮੁੰਡੇ ਨੂੰ ਲਿਖਣਾ ਆਉਣਾ ਚਾਹੀਦਾ ਬਾਕੀ ਕੋਈ ਕਸਰ ਨਹੀਂ ਛੱਡਦੇ ਆਪਾਂ।"ਇਕ ਤਾਂ ਗੈਰ ਕਾਨੂੰਨੀ ਕੰਮ ਕਰਦੇ ਹਨ ਸਾਡੇ ਦੇਸ਼ ਦੇ ਲੋਕ ਤੇ ਨਾਲੇ  ਰੋਅਬ ਇਵੇਂ ਪਾਉਂਦੇ ਹਨ ਜਿਵੇਂ ਉਹਨਾ ਦਾ ਇਹ ਜਨਮ ਸਿੱਧ ਅਧਿਕਾਰ ਹੁੰਦਾ ਹੈ।ਕੀ ਕਹੀਏ? ਸਾਡਾ ਪ੍ਰਸ਼ਾਸ਼ਨ ਹੋ ਈ ਏਦਾਂ ਦਾ ਗਿਆ ਏ ਸਾਨੂੰ ਭਾਈ ਭਤੀਜਾਵਾਦ ਸਿਧਾਤਾਂ ਤੇ ਅਮਲ ਕਰਨਾ ਹੀ ਪੈਂਦਾ ਹੈ।ਜੇ ਕਿਸੇ ਨੂੰ ਆਖੀਏ ਬਈ, ਇਹ ਗਲਤ ਹੈ ਕਿ ਤੁਸੀਂ ਬਾਕੀ ਲੋਕਾਂ ਨਾਲ ਅਨਿਆਂ ਕਰਕੇ ਪਾਪਾਂ ਦੇ ਭਾਗੀਦਾਰ ਬਣਦੇ ਓ। ਅੱਗੋਂ ਜਵਾਬ ਮਿਲਦੈ, "ਬਈ ਜੇ ਆਪਣੇ ਬੰਦੇ ਦਾ ਫਾਇਦਾ ਨਹੀਂ ਲੈਣਾ ਤਾਂ ਫਿਰ ਇਸ ਦੇਸ਼ ਦੇ ਨਾਗਰਿਕ ਹੋਣ ਦਾ ਕੀ ਲਾਭ?" ਏਸ ਸਮਾਜ ਵਿੱਚ ਧਰਮੀ ਤੋਂ ਧਰਮੀ ਬੰਦਾ ਵੀ ਸੋਚਦਾ ਹੈ ਕਿ  ਜੇ ਦੂਜੇ ਲੋਕਾਂ ਨਾਲ ਅਨਿਆਂ ਕਰਕੇ ਮੇਰੀ ਆਤਮਾ ਤੇ ਬੋਝ ਪਵੇਗਾ ਜਾਂ ਮੈਨੂੰ ਇਸ ਪਾਪ ਦੀ ਸਜਾ ਮਿਲੇਗੀ, ਉਹ ਸਜਾ ਤਾਂ ਜਰ ਲਵਾਂਗਾਂ ਪਰ ਗਰਮੀ ਵਿੱਚ ਆਹ ਲੰਬੀ ਲਾਈਨ ਵਿੱਚ ਖੜੇ ਹੋਣ ਦੀ ਸਜਾ ਨਹੀਂ ਜਰੀ ਜਾਂਦੀ।ਇਸ ਕਰਕੇ ਭਾਈ-ਭਤੀਜਾਵਾਦ ਅਨੁਸਾਰ ਕਿਸੇ ਸੱਜਣ ਮਿੱਤਰ ਦੀ ਭਾਲ ਕਰੋ ਅਤੇ ਅੰਦਰਖਾਤੇ ਕੰਮ ਕਰਵਾ ਕੇ ਵਿਹਲੇ ਹੋਵੋ।
ਸੋ ਅਖੀਰ ਵਿੱਚ ਅਸੀਂ ਏਨਾਂ ਹੀ ਕਹਾਂਗੇ ਕਿ ਭਾਈ -ਭਤੀਜਾਵਾਦ ਸਰਬ ਵਿਆਪਕ ਰੋਗ ਹੈ,ਇਸ ਦਾ ਇਲਾਜ ਕਰਨ ਲਈ ਜੇ ਕੋਈ ਮਹਿਕਮਾ ਵੀ ਬਣਾ  ਜਾਏ ਤਾਂ ਉਹ ਮਹਿਕਮਾ ਵੀ ਉਸੇ ਬੰਦੇ ਦਾ ਹੀ ਇਲਾਜ ਕਰੇਗਾ,ਜਿਹਦੀ ਕੋਈ ਜਾਣ ਪਛਾਣ ਨਾ ਨਿਕਲੀ, ਬਾਕੀ ਤਾਂ ਉਸ ਮਹਿਕਮੇ ਵਿੱਚ ਵੀ ਕੋਈ ਕਿਸੇ ਦਾ ਭਾਈ ਹੋਵੇਗਾ,ਕੋਈ ਕਿਸੇ ਦਾ ਭਤੀਜਾ ਅਤੇ ਕੋਈ ਕਿਸੇ ਦਾ...।